Revision 3797 of "ਮਾਂ" on pawikibooks

[[ਕਵਿਤਾ]] ਵਿਚ ਰਿਸ਼ਤਿਆਂ ਦੇ [[ਬੰਧਨ]] ਦਾ ਜ਼ਿਕਰ ਅਕਸਰ ਆਉਦਾਂ ਹੈ।ਮਨੁੱਖੀ ਮਨ ਦੀਆਂ ਭਾਵਨਾਮਾਂ ਜਦੋਂ ਅਤੀਤ ਜ਼ਾਂ ਵਰਤਮਾਨ ਦੇ ਦਰਪਣ ਵਿਚ ਝਾਤ ਮਾਰਦੀਆਂ ਹਨ ਤਾਂ ਉਸ ਦੇ ਨਾਲ ਸਬੰਧਤ ਰਿਸ਼ਤਿਆਂ ਵਿਚ ਵਿਚਰੇ ਇਨਸਾਨ, ਜਿਨਾਂ ਦਾ ਕਿ ਉਸ ਦੀ ਜ਼ਿੰਦਗੀ ਤੇ ਪ੍ਰਭਾਵ ਪਿਆ ਹੈ, ਦਾ ਖਿਆਲ ਅਵਚੇਤਨ ਮਨ ਵਿਚ ਪਿਆ ਰਹਿੰਦਾ ਹੈ ਅਤੇ ਸਮੇਂ ਸਮੇਂ ਸਿਰ ਜ਼ਰੂਰ ਯਾਦ ਆਉਦਾਂ ਹੈ।ਇਨਾਂ ਸਾਰੇ ਰਿਸ਼ਤਿਆਂ ਵਿਚੌਂ ਮਾਂ ਦਾ ਰਿਸ਼ਤਾ ਇਕ ਅਜਿਹਾ ਰਿਸ਼ਤਾ ਹੈ ਜਿਸ ਦੀ ਬੁਨਿਆਦ ਵਿਚ ਨਿਸ਼ਕਾਮ ਪਿਆਰ, ਮਾਂ-ਪਿਉ ਦੇ ਪਿਆਰ ਦਾ ਵਲਵਲਾ ਤੇ ਕੁਦਰਤੀ ਨਿਯਮ ਦੀ ਨਿਪੁੰਨਤਾ ਦਾ ਸਾਗਰ ਹੈ। ਵਹਿੰਦੀ ਧਾਰਾ ਵਾਂਗੂੰ ਇਨਸਾਨੀ ਧਰੁਵਾਂ ਦੀ ਇਕਮਿਕਤਾ ਤੇ ਇਨਸਾਨੀ ਸਿਰਜਣਾ ਦੀ ਅਦਭੁੱਤ ਮਿਸਾਲ ਹੈ।ਸ਼੍ਰਿਸਟੀ ਦੇ ਅਟੱਲ ਨਿਯਮ ਵਿਚ ਨਿਰੰਤਰਤਾ ਦੀ ਜੋਤ ਦਾ ਮੂਲ ਰੂਪ ਮਾਂ ਹੈ ਜਿਹੜੀ ਕੁਦਰਤ ਦੇ ਵਰਦਾਨ ਸਦਕਾ ਪੈਦਾ ਹੋਏ ਜੀਵ (ਇਨਸਾਨ) ਨੂੰ ਆਪਣੀ ਕੁੱਖ ਵਿਚ ਰੱਖਦੀ ਹੈ ਤੇ ਜਨਮ ਦਿੰਦੀ ਹੈ।ਕੁਦਰਤ ਵੱਲੋਂ ਦਿੱਤੀ ਇਸ ਜੁੰਮੇਵਾਰੀ ਸਦਕਾ, ਜਨਮ ਲੈਣ ਵਾਲੇ ਇਨਸਾਨ ਅਤੇ ਮਾਂ ਵਿਚ ਨਿਰ-ਸਵਾਰਥੀ ਪਿਆਰ ਦਾ ਬੰਧਨ ਹੁੰਦਾ ਹੈ। ਮਾਂ ਜ਼ਾਂ ਬੱਚਾ ਭਾਵੇਂ ਕਿੰਨਾ ਹੀ ਸੁਭਾਅ ਜ਼ਾਂ ਕਰਮ ਦੇ ਤੌਰ ਤੇ ਵਖਰੇਵਾਂ ਰੱਖਦੇ ਹੋਣ ਪਰ ਅਦੁੱਤੀ ਪਿਆਰ ਦਾ ਬੰਧਨ ਉਨਾਂ ਵਿਚ ਸਦਾ ਕਾਇਮ ਰਹਿੰਦਾ ਹੈ।ਬਾਕੀ ਇਨਸਾਨੀ ਰਿਸ਼ਤਿਆਂ ਵਿਚ ਵੀ ਮੂਲ ਸਰੋਤ ਮਾਂ ਹੀ ਹੈ। ਮਾਂ ਇਕ ਬ੍ਰਹਮੰਡੀ ਆਤਮਾ ਵਾਂਗੂੰ ਹੈ। ਜਿਸ ਦੀ ਸਾਰਥਿਕਤਾ ਅਸੀਮ ਹੈ, ਅਟੱਲ ਹੈ ਤੇ ਸਕਾਰਾਆਤਿਮਿਕ ਹੈ। ਇਨਸਾਨ ਦੀ ਪਹਿਲੀ ਭਾਸ਼ਾ ਤੇ ਹੋਸ਼ ਹਵਾਸ ਦੀ ਪਾਠਸ਼ਾਲਾ ਹੈ।ਕਵਿਤਾ ਦੀ ਇਸ ਲੜੀ ਵਿਚ ਮਾਂ ਦਾ ਜ਼ਿਕਰ ਹੇਠਲੀ ਕਵਿਤਾ ਵਿਚ ਕਵਿਤਰੀ ਵੱਲੋਂ ਬੜੀ ਬਾਖੂਬੀ ਨਾਲ ਚਿਤਰਿਆ ਗਿਆ ਹੈ। ਇਕ ਧੀ ਦਾ ਮਾਂ ਨਾਲ ਪਿਆਰ ਤੇ ਮਾਂ ਦੀ ਜ਼ਿੰਦਗੀ ਦੀ ਗਾਥਾ ਵਿਚੌਂ ਵਖਰੇਵੇਂ ਭਰੇ ਅਹਿਸਾਸ ਦਾ ਤਜ਼ਰਬਾ ਹੈ। ਕਿਸ ਤਰਾਂ ਧੀ ਮਾਂ ਦੀ ਜ਼ਿੰਦਗੀ ਤੇ ਝਾਤ ਮਾਰ ਕੇ ਆਪਣੇ ਭਵਿੱਖ ਦੀ ਕਿਲਾਬੰਦੀ ਕਰਦੀ ਹੈ।ਧੀ ਮਾਂ ਦਾ ਸਹੁੱਪਣ ਤੇ ਦਰਦ ਨੂੰ ਬੇਹਤਰ ਤਰਾਂ ਸਮਝ ਸਕਦੀ ਹੈ। ਪੁੱਤ ਦਾ ਅਕਸਰ ਮਾਂ ਨਾਲ ਭਾਵਨਾਤਮਿਕ ਤੌਰ ਤੇ ਤਾਂ ਬੜਾ ਗੂੜਾ ਸਬੰਧ ਹੁੰਦਾ ਹੈ ਪਰ ਮਾਂ ਦੀ ਜ਼ਿੰਦਗੀ ਨੂੰ ਧੀ ਵਾਂਗੂੰ ਪੜਚੋਲਣ ਤੋਂ ਅਸਮਰਥ ਹੁੰਦਾ ਹੈ।ਸੋ ਪੇਸ਼ ਹਨ ਮਾਂ ਦੀ ਯਾਦ ਵਿਚ “ਮਦਰਜ਼ ਡੇ” ਤੇ ਕੁਝ ਕਵਿਤਾਵਾਂ। 

``ਹੁਣ ਮਾਂ (ਸੁਖਵਿੰਦਰ ਅੰਮ੍ਰਿਤ )`` 

ਹੁਣ ਮਾਂ ਬੁੱਢੀ ਹੋ ਗਈ ਹੈ 

ਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇ 

ਲ਼ਕੋ ਲਈਆਂ ਨੇ 

ਉਸ ਨੇ ਆਪਣੀਆਂ 

ਸੁਪਨਹੀਣ ਅੱਖਾਂ 

ਪਤਾ ਨਹੀਂ ਕਿਉਂ 

ਅੱਜ ਮੈਨੂੰ ਮਾਂ ਦੀ ਜਵਾਨੀ 

ਬਹੁੱਤ ਯਾਦ ਆ ਰਹੀ ਹੈ 

ਸ਼ੀਸ਼ੇ ਮੂਹਰੇ ਖੜ੍ਹ ਕੇ 

ਲ਼ੰਮੀ ਗੁੱਤ ਗੁੰਦਦੀ ਮਾਂ 

ਮਾਂ ਦਾ ਸ਼ਨੀਲ ਦਾ ਮੋਤੀਆ ਵਾਲਾ ਸੂਟ 

ਤਿੱਲੇ ਵਾਲੀ ਜੁੱਤੀ 

ਤੇ ਛਣ ਛਣ ਕਰਦੀਆਂ ਝਾਂਜ਼ਰਾਂ 

ਯਾਦ ਆ ਰਹੀ ਹੈ 

ਸ਼ਰਾਬੀ ਪਿਓੁ ਦੇ ਲਲਕਾਰਿਆਂ ਤੋਂ ਸਹਿਮੀ ਮਲੂਕ ਜਿਹੀ ਮਾਂ 

ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੀ ਗੀਤਾਂ ਵਾਲੀ ਕਾਪੀ 
ਜਿਸ ਨੂੰ ਬਹੱਤ ਸੰਭਾਲ ਕੇ ਰੱਖਦੀ ਸੀ 

ਪਰ ਹੌਲੀ ਹੌਲੀ ਵੱਧਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ ਨਹੀ 
ਮਾਂ ਦੀ ਕਬੀਲਦਾਰੀ ਤੇ ਚਿੰਤਾ 

ਹੋਰ ਉਚੀਆਂ ਹੋਣ ਲੱਗੀਆ ਪਿਓੁ ਦੀਆਂ ਬੜ੍ਹਕਾਂ 
ਵਿਹੜੇ ਵਿਚ ਫਿਰਦੀਆਂ 

ਅਣਸੱਦੀਆਂ ਪ੍ਰਹੁਣੀਆਂ ਵਰਗੀਆਂ ਧੀਆਂ ਨੂੰ ਦੇਖ ਦੇਖ 
ਹੌਲੀ ਹੌਲੀ 

ਕੁਮਲਾਉਣ ਲੱਗੀ ਮਾਂ ਦੀ ਮੰਮਤਾ ਹੌਲੀ ਹੌਲੀ 
ਪਥਰਾਉਣ ਲੱਗੇ ਮਾਂ ਦੇ ਚਾਅ 
ਰੁਲਣ ਲੱਗੀ 

ਮਾਂ ਦੀ ਗੀਤਾਂ ਵਾਲੀ ਕਾਪੀ ਬਿਖਰਨ ਲੱਗੀਆਂ 
ਗੀਤਾਂ ਦੀਆਂ ਸਤਰਾਂ 

ਤੋੜ ਦਿੱਤੀਆਂ ਮੇਰੇ ਅੜਬ ਪਿਓੁ ਨੇ 
ਮਾਂ ਦੀ ਮਲੂਕ ਵੀਣੀ ਚੌਂ 

ਕੱਚ ਦੀਆਂ ਵੰਗਾਂ ਬਿਖਰ ਗਏ 
ਜ਼ਿੰਦਗੀ ਦੇ ਰੋੜਾਂ ਵਾਲੇ ਰਾਹ ਵਿਚ 
ਝਾਂਜ਼ਰਾਂ ਦੇ ਬੋਰ 
ਮੰਗਤੀ ਨੂੰ ਦਾਨ ਕਰ ਦਿੱਤਾ 
ਮਾਂ ਨੇ ਮੋਤੀਆਂ ਵਾਲਾ ਸੂਟ 

ਫੇਰ ਮੈਂ ਕਦੇ ਨਹੀਂ ਤੱਕਿਆਂ 
ਮਾਂ ਨੂੰ ਸ਼ੀਸ਼ੇ ਮੂਹਰੇ ਖੜ ਕੇ 
ਕੱਜਲੇ ਦੀ ਧਾਰ ਪਾਉਂਦਿਆਂ 
ਫੇਰ ਕਦੇ ਯਾਦ ਨਹੀਂ ਆਈ 
ਮਾਂ ਨੂੰ ਗੀਤਾਂ ਵਾਲੀ ਕਾਪੀ 
ਹੁਣ ਮਾਂ 
ਵਿਹੜੇ ਵਿਚ ਮੰਜੇ ਤੇ ਬੈਠੀ 
ਡੌਰ ਭੌਰ ਝਾਕਦੀ ਰਹਿੰਦੀ ਹੈ 
ਸੁੰਨੇ ਦਰਵਾਜ਼ੇ ਵੱਲ 
ਆਸ ਕਰਦੀ ਹੈ ਕਿ 
ਉਸ ਦੀ ਕੋਈ ਧੀ
ਸੁਹਰਿਆਂ ਤੋਂ ਆਵੇ
ਆ ਕੇ ਉਸ ਦੇ ਗਲ ਨੂੰ ਲਿਪਟ ਜਾਵੇ 
ਉਸ ਦੇ ਅੱਥਰੂ ਪੂੰਝੇ 
ਤੇ ਉਸ ਦੇ ਜਖਮਾਂ ਤੇ ਦਿਲਾਸੇ ਦੀ ਮਲ੍ਹਮ ਲਾਵੇ 
ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ 

ਪਰ ਨਹੀਂ
ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ 
ਭਾਵੁਕ ਨਹੀਂ ਹੋਣਾ 
ਨਹੀਂ ਉਸ ਨੂੰ ਘੁੱਟ ਕੇ ਮਿਲਣਾ 
ਨਹੀਂ ਉਸ ਦੇ ਗਲ ਲੱਗ ਕੇ ਰੋਣਾ 
ਨਹੀਂ ਕਰਨੀ 
ਉਸ ਕਮਜ਼ੋਰ ਔਰਤ ਨਾਲ ਹਮਦਰਦੀ
ਜੋ ਆਪਣੇ ਸੁਪਨਿਆਂ ਨੂੰ 
ਟੁਟਣੋਂ ਨਾ ਬਚਾ ਸਕੀ
ਜੋ ਆਪਣੀ ਜਵਾਨੀ ਨੂੰ 
ਹੱਸ ਕੇ ਨਾ ਹੰਢਾ ਸਕੀ 
ਜਿਸ ਦੀ ਲੰਮੀ ਗੁੱਤ 
ਮੇਰੇ ਪਿਓੁ ਨੇ ਹਜ਼ਾਰ ਵਾਰੀ ਪੁੱਟੀ 
ਜਿਸ ਦੀ ਹਰ ਸੱਧਰ 
ਸੀਨੇ ਵਿਚ ਤੜੱਕ ਕਰ ਕੇ ਟੁੱਟੀ 
ਜੋ ਗੋਰੀਆਂ ਗੱਲ੍ਹਾਂ ਦੇ ਨੀਲ 
ਘੁੰਡ ਵਿਚ ਛਪਾਉਦੀਂ ਰਹੀ 
ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ 
ਸਦਾ ਪਰਦੇ ਪਾਂਉਦੀ ਰਹੀ 
ਜਿਸ ਦੇ ਹੋਂਠਾਂ ਤੇ 
ਕਦੇ ਵੀ ਦਿਲ ਦੀ ਅਵਾਜ਼ ਨਾ ਆਈ 
ਜਿਸ ਨੇ ਆਪਣੇ ਮਨ ਪਸੰਦ ਗੀਤ ਦੀ 
ਇਕ ਵੀ ਸਤਰ ਨਾ ਗਾਈ 

ਨਹੀਂ 
ਮੈਂ ਭਾਵੁਕ ਨਹੀ ਹੋਣਾ 
ਨਹੀਂ ਜਾਣਾ ਉਸ ਦੇ ਅੱਥਰੂ ਪੂੰਝਣ 
ਮੈਂਨੂੰ ਕਇਰਤਾ ਨਾਲ 
ਕੋਈ ਹਮਦਰਦੀ ਨਹੀਂ 

ਪਰ ਸ਼ਾਇਦ 
ਮੈਂ ਆਪਣੀ ਮਾਂ ਦੀ 
ਕਇਰਤਾ ਤੋਂ ਸਿੱਖਿਆਂ ਹੈ
ਕਿ ਕਾਇਰ ਹੋਣਾ ਗੁਨਾਹ ਹੈ 

ਗੁਨਾਹ ਹੈ :
ਆਪਣੀਆਂ ਹੁਸੀਨ ਸੱਧਰਾਂ 
ਤੇ ਹੁਸੀਨ ਗੀਤਾਂ ਨੂੰ ਭੁੱਲ ਜਾਣਾ 
ਮਹਿਜ਼ ਰੋਟੀ ਦੇ ਟੁਕੜਿਆਂ ਖਾਤਰ 
ਹੀਰੇ ਜਿਹੀ ਜ਼ਿੰਦ ਦਾ ਤੁਲ ਜਾਣਾ

ਗੁਨਾਹ ਹੈ:
ਆਪਣੀ ਸੋਹਣੀ ਗੁੱਤ ਨੂੰ 
ਪਿਆਰ-ਹੀਣ ਹੱਥਾਂ ਵਿਚ
ਬਿਖਰ ਜਾਣ ਦੇਣਾ 
ਸੰਧੂਰ ਵਿਚ ਲਿਬੜੀ ਹੋਈ ਬਰਛੀ ਨੂੰ 
ਸੀਨੇ ਵਿਚ ਉਤਰ ਜਾਣ ਦੇਣਾ 

ਗੁਨਾਹ ਹੈ:
ਮੱਥੇ ਤੇ ਲੱਗੀ ਬਿੰਦੀ ਦੇ 
ਦਾਇਰੇ ਵਿਚ ਸਿਮਟ ਜਾਣਾ
ਸੂਹੀ ਫੁਲਕਾਰੀ ਵਿਚ 
ਲਾਸ਼ ਬਣ ਕੇ ਲਿਪਟ ਜਾਣਾ
ਤੇ..
ਮੇਰੀਆਂ ਆਦਰਾਂ ਚੌਂ 
ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ 
ਮੈਂ ਤੁਰ ਪੈਂਦੀ ਹਾਂ 
ਮਾਂ ਦੇ ਵਿਹੜੇ ਵੱਲ 
ਕਲਾਵੇ ਵਿਚ ਲੈਂਦੀ ਹਾਂ 
ਉਸ ਦੀ ਕੁਮਲਾ ਚੁੱਕੀ ਕਾਇਆ 
ਪੂੰਝਦੀ ਹਾਂ 
ਅੱਖਾਂ ਦੇ ਟੋਇਆਂ ਚੌਂ 
ਡਬ-ਡਬਾਉਦੇਂ ਹੰਝੂ 
ਭਾਲਦੀ ਹਾਂ ਉਸ ਦੀ ਰੂਹ ਚੌਂ 
ਚਿਰਾਂ ਦੇ ਗੁਆਚੇ ਗੀਤ 
ਤੇ ਲਿਖਦੀ ਹਾਂ 
ਇਹਨਾਂ ਗੀਤਾਂ ਨੂੰ 
ਨਵੇਂ ਸਿਰਿਓ 
ਆਪਣੀ ਕਾਪੀ ਤੇ 
ਇਹ ਪਿਆਰ ਨਾਲ ਸੁਲਗਦੇ ਹੋਏ 
ਅੰਗਿਆਰਿਆਂ ਵਰਗੇ ਗੀਤ 
ਆਪਣੇ ਪਿਓੁ ਦੇ 
ਉਹਨਾਂ ਪਿਆਰ-ਹੀਣ ਹੱਥਾਂ ਵਿਚ 
ਰੱਖਣੇ ਚਾਹੰਦੀ ਹਾਂ ਮੈਂ 
ਜਿਨਾਂ ਨੇ ਖੋਹ ਲਈ ਸੀ 
ਮੇਰੀ ਮਾਂ ਤੋਂ 
ਗੀਤਾਂ ਵਾਲੀ ਕਾਪੀ 

``ਮਾਂ ਕੀ ਕਰੇ… (ਦਲਬੀਰ ਸਾਂਗਿਆਣ) ``

ਮਾਂ ਦਾ 
ਧੀਆਂ ਤੋਂ ਚੋਰੀ 
ਪੁੱਤਰਾਂ ਨੂੰ ਮਲਾਈ ਖਿਲਾਂਉਣਾ 
ਤੇ ਪੁੱਤਰਾਂ ਤੋਂ ਚੋਰੀ 
ਧੀਆਂ ਦਾ ਦਹੇਜ ਤਿਆਰ ਕਰਨਾ 
ਤੇ ਪਤੀ ਤੋਂ ਚੋਰੀ 
ਪੇਕਿਆਂ ਦੀ ਸਾਰ ਪੁੱਛਣੀ 
ਹੋਰ ਸਭ ਕੀ ਹੈ 
“ਸਿਰਫ ਲਹੂ ਦੇ 
ਰਿਸ਼ਤਿਆਂ ਨੂੰ ਨਿਭਾਉਂਣਾ”।

-ਦਾਦੀ ਦੇ ਤਾਹਨਿਆਂ ਨੂੰ ਸਹਿਣਾ
-ਭੂਆ ਨੂੰ “ਬੀਬੀ” ਕਹਿ ਕੇ 
ਪੈਰੀ ਹੱਥ ਲਾਉਂਣਾ 
-ਫਿਰ ਵੀ “ਗਏ ਘਰ ਦੀ”
ਅਖਾਣ ਦਾ ਮੇਹਣਾ ਸੁਣਨਾ
ਆਪਣੇ ਅਸਤਿਤਵ ਨੂੰ 
ਜ਼ਿਊਦਾਂ ਰੱਖਣ ਲਈ 
ਮਾਂ ਹੋਰ ਕੀ ਕਰੇ…। 

-ਧੀਆਂ ਜੰਮਣ ਦਾ ਕਸੂਰ
-ਮੱਝ ਦੇ ਨਾ ਮਿਲਣ ਦਾ ਡਰ
-ਪਤੀ ਦਾ ਸ਼ਰਾਬ ਪੀਣ ਦਾ ਡਰ 
-ਸੌਕਣ ਆ ਜਾਣ ਦਾ ਡਰ 
-ਬੱਚੇ ਦੇ ਮਲ-ਮੂਤਰ ਦਾ ਡਰ
ਸਾਰੇ ਜ਼ੁਰਮਾਂ ਦੀ ਸਜ਼ਾ 
ਸਿਰਫ ਮਾਂ ਨੇ ਹੀ ਭੁਗਤੀ ਹੈ 
ਆਪਣੇ ਅਸਤਿਤਵ ਨੂੰ 
ਜ਼ਿਊਦਾਂ ਰੱਖਣ ਲਈ 
ਮਾਂ ਹੋਰ ਕੀ ਕਰੇ…।
--[[ਮੈਂਬਰ:Dhammu3193|Dhammu3193]] ([[ਮੈਂਬਰ ਚਰਚਾ:Dhammu3193|talk]]) ੧੨:੨੪, ੩ ਜੁਲਾਈ ੨੦੧੨ (UTC)